ਨਿਸ਼ਾਨਾਂ ਵਾਲੀ ਮਿਸਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਸ਼ਾਨਾਂ ਵਾਲੀ ਮਿਸਲ :ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ ਜਿਸ ਦਾ ਸਦਰ ਮੁਕਾਮ ਅੰਬਾਲਾ ਸੀ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਨਸੂਰ ਪਿੰਡ ਦੇ ਚੌਧਰੀ ਸਾਹਿਬ ਰਾਇ ਸ਼ੇਰਗਿਲ ਦੇ ਪੁੱਤਰ ਦਸੌਂਧਾ ਸਿੰਘ ਨੇ ਅੰਮ੍ਰਿਤ ਛਕ ਕੇ ਖ਼ਾਲਸਾ ਬਣਨ ਉਪਰੰਤ ਆਪਣਾ ਜੱਥਾ ਕਾਇਮ ਕੀਤਾ ਜੋ ਆਮ ਤੌਰ ’ਤੇ ਅੰਮ੍ਰਿਤਸਰ ਵਿਚ ਹੀ ਠਹਿਰਦਾ ਸੀ ਅਤੇ ਦਰਬਾਰ ਸਾਹਿਬ ਦੀ ਰਖਿਆ ਤੋਂ ਇਲਾਵਾ ਰਾਖਵੀਂ ਫ਼ੌਜ ਦੀ ਭੂਮਿਕਾ ਵੀ ਨਿਭਾਉਂਦਾ ਸੀ। ਸੰਨ 1748 ਈ. ਵਿਚ ਦਲ ਖ਼ਾਲਸਾ ਦੀ ਸਥਾਪਨਾ ਨਾਲ ਇਸ ਦੇ ਜੱਥੇ ਨੂੰ ਮਿਸਲ ਬਣਾਇਆ ਗਿਆ ਅਤੇ ਚੂੰਕਿ ਖ਼ਾਲਸੇ ਦੀਆਂ ਮੁਹਿੰਮਾਂ ਵੇਲੇ ਇਸ ਜੱਥੇ ਵਾਲੇ ਧਰਮ-ਯੁੱਧ ਨੂੰ ਪ੍ਰਸਥਾਨ ਕਰ ਰਹੀ ਸਿੱਖ ਧਰਮ-ਵੀਰਾਂ ਦੀ ਸੈਨਾ ਦੀ ਨਿਸ਼ਾਨਾਂ ਸਹਿਤ ਅਗਵਾਈ ਕਰਦੇ ਸਨ, ਇਸੇ ਕਰਕੇ ਇਸ ਮਿਸਲ ਦਾ ਨਾਂ ‘ਨਿਸ਼ਾਨਾਂ ਵਾਲੀ ਮਿਸਲ’ ਪ੍ਰਚਲਿਤ ਹੋ ਗਿਆ। ਇਸ ਮਿਸਲ ਨੂੰ ਬੁੱਢਾ ਦਲ ਅਧੀਨ ਰਖਿਆ ਗਿਆ।

ਸੰਨ 1764 ਈ. ਵਿਚ ਸਰਹਿੰਦ ਦੇ ਫਤਹ ਹੋਣ ਤੋਂ ਬਾਦ ਦਸੌਂਧਾ ਸਿੰਘ ਨੇ ਸਾਨ੍ਹੇਵਾਲ, ਅਮਲੋਹ, ਦੋਰਾਹਾ , ਜ਼ੀਰਾ, ਸਿੰਘਾਂਵਾਲਾ ਅਤੇ ਅੰਬਾਲਾ ਨੂੰ ਆਪਣੇ ਅਧੀਨ ਕਰਕੇ ਅੰਬਾਲਾ ਵਿਚ ਆਪਣੀ ਰਾਜਧਾਨੀ ਕਾਇਮ ਕੀਤੀ। ਸੰਨ 1767 ਈ. ਵਿਚ ਦਸੌਂਧਾ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਦਾ ਛੋਟਾ ਭਰਾ ਸੰਗਤ ਸਿੰਘ ਮਿਸਲਦਾਰ ਬਣਿਆ। ਉਸ ਨੇ ਅੰਬਾਲਾ ਵਾਲੀ ਰਿਆਸਤ ਆਪਣੇ ਚਚੇਰੇ ਭਰਾਵਾਂ ਲਾਲ ਸਿੰਘ ਅਤੇ ਗੁਰਬਖ਼ਸ਼ ਸਿੰਘ ਨੂੰ ਸੌਂਪ ਕੇ ਆਪ ਸਿੰਘਾਂ ਵਾਲਾ ਵਿਚ ਰਹਿਣ ਲਗਾ। ਸੰਗਤ ਸਿੰਘ ਦੀ ਮਿਸਲਦਾਰੀ ਵੇਲੇ ਇਸ ਮਿਸਲ ਨੇ ਬਹੁਤ ਤਰੱਕੀ ਕੀਤੀ ਅਤੇ ਇਸ ਦੀ ਸੈਨਾ ਦੀ ਗਿਣਤੀ 12,000 ਘੋੜਸਵਾਰਾਂ ਤਕ ਪਹੁੰਚ ਗਈ। ਸੰਨ 1774 ਈ. ਵਿਚ ਸੰਗਤ ਸਿੰਘ ਦੀ ਮ੍ਰਿਤੂ ਤੋਂ ਬਾਦ ਇਸ ਮਿਸਲ ਦੇ ਮੁੱਖ ਸਰਦਾਰਾਂ ਨੇ ਆਪਣੇ ਵਖਰੇ ਵਖਰੇ ਇਲਾਕੇ ਮਲ ਲਏ। ਸੰਨ 1786 ਈ. ਵਿਚ ਅੰਬਾਲਾ ਦੇ ਪ੍ਰਸ਼ਾਸਕ ਗੁਰਬਖ਼ਸ਼ ਸਿੰਘ ਦੇ ਮਰਨ ਉਪਰੰਤ ਉਸ ਦੀ ਵਿਧਵਾ ਬੀਬੀ ਦਯਾ ਕੌਰ ਨੇ ਮਿਸਲ ਦਾ ਪ੍ਰਬੰਧ ਸੰਭਾਲਿਆ। ਸੰਨ 1823 ਈ. ਵਿਚ ਉਸ ਦੇ ਦੇਹਾਂਤ ਤੋਂ ਬਾਦ ਅੰਗ੍ਰੇਜ਼ ਸਰਕਾਰ ਨੇ ਰਿਆਸਤ ਨੂੰ ਆਪਣੇ ਅਧੀਨ ਕਰ ਲਿਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.